ਚਿੰਤਾ ਤਾ ਕੀ ਕੀਜੀਐ ਜੋ ਅਨਹੋਨੀ ਹੋਇ ॥ਇਹੁ ਮਾਰਗੁ ਸੰਸਾਰ ਕੋ ਨਾਨਕ ਥਿਰੁ ਨਹੀ ਕੋਇ ॥੫੧॥~ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ
ਅਕਸਰ ਕਥਾ ਵਾਚਕਾਂ ਦੀ ਚਿੱਤ ਵਿੱਚ ਪਹਿਲੀ ਸਤਰ ਹੀ ਸਮਝ ਆਉਂਦੀ ਹੈ। ਪਹਿਲੀ ਪੰਕਤੀ ਵਿੱਚ ਗੁਰੂ ਸਾਹਿਬ ਆਖਦੇ ਹਨ- ਚਿੰਤਾ ਉਸ ਗੱਲ ਦੀ ਕਰੋ ਜੋ ਅਣਹੋਣੀ ਹੈ । ਅਕਸਰ ਇਸ ਪਹਿਲੀ ਪੰਕਤੀ ਦੇ ਅਰਥ ਸਮਝ ਲਏ ਜਾਂਦੇ ਹਨ ਤੇ ਦੂਸਰੀ ਪੰਕਤੀ ਵੱਲ ਕਿਸੇ ਪਰਚਾਰਕ ਦਾ ਧਿਆਨ ਹੀ ਨਹੀਂ ਜਾਂਦਾ । ਦੂਸਰੀ ਪੰਕਤੀ ਵਿੱਚ ਸਤਿਗੁਰਾਂ ਨੇ ਸਮਝਾਇਆ ਹੈ ਕਿ ਚਿੰਤਾ ਤੇ ਤਾਂ ਕੀਤੀ ਜਾਵੇ ਜੇ ਕੋਈ ਅਨਹੋਈ ਹੁੰਦੀ ਹੈ ਪਰ ਜਦ ਸਭ ਕੁਝ ਹੀ ਉਸ ਕਰਤੇ ਅਕਾਲ ਪੁਰਖ ਨੇ ਕਰਨਾ ਹੈ ਤਾਂ ਚਿੰਤਾ ਕਿਸ ਗੱਲ ਦੀ?
ਚਿੰਤਾ ਹਰ ਮਨੁੱਖ ਨੂੰ ਹੁੰਦੀ ਹੈ। ਹਰ ਉਮਰ ਦੇ ਵਿਅਕਤੀ ਦੀ ਆਪਣੀ ਚਿੰਤਾ ਹੁੰਦੀ ਹੈ। ਪਰ ਮਨੁੱਖ ਵਿੱਚ ਐਸੀ ਕੋਈ ਤਾਕਤ ਨਹੀਂ ਜੋ ਅਨਹੋਣੀ ਨੂੰ ਹੋਣੀ ਵਿੱਚ ਬਦਲ ਸਕੇ ਤੇ ਹੋਣੀ ਨੂੰ ਅਨਹੋਈ ਵਿੱਚ । ਉਦਾਹਰਨ : ਇੱਕ ਜਵਾਨ ਆਪਣੇ ਉੱਤੇ ਬੁਢੇਪਾ ਆਉਣ ਤੋਂ ਨਹੀਂ ਰੋਕ ਸਕਦਾ। ਜੇ ਵਿਗਿਆਨ ਦੀ ਨਜ਼ਰ ਨਾਲ ਵੇਖਿਆ ਜਾਵੇ ਤਾਂ ਚਿੰਤਾ ਇੱਕ ਮਾਨਸਿਕ ਰੋਗ ਹੈ ਜੋ ਦਿਮਾਗ ਦੇ ਵਿਕਾਸ ਨੂੰ ਰੋਕਦੀ ਹੈ | ਇਹ ਹੋਰ ਬਹੁਤ ਸਾਰੀਆਂ ਮਾਨਸਿਕ ਬਿਮਾਰੀਆਂ ਨੂੰ ਜਨਮ ਦਿੰਦੀ ਹੈ। ਚਿੰਤਾ ਰੱਬ ਦੇ ਚਿੰਤਨ ਵਿੱਚ ਵੀ ਇੱਕ ਬਹੁਤ ਵੱਡੀ ਰੁਕਾਵਟ ਹੈ।
ਚਿੰਤਤ ਹੀ ਦੀਸੈ ਸਭੁ ਕੋਇ॥
ਚੇਤਹਿ ਏਕੁ ਤਹੀ ਸੁਖੁ ਹੋਇ॥
~ਸ੍ਰੀ ਗੁਰੂ ਅਰਜਨ ਦੇਵ ਜੀ
ਗੁਰੂ ਅਰਜਨ ਦੇਵ ਜੀ ਦਾ ਫੁਰਮਾਨ ਹੈ ਕਿ, ਸਰਬ ਸੰਸਾਰ ਵਿੱਚ ਦੁਖੀ ਤੇ ਚਿੰਤਤ ਮਨੁੱਖ ਆਮ ਨਜ਼ਰ ਆਉਂਦੇ ਹਨ। ਉਹ ਇਹਨਾਂ ਚਿੰਤਾਵਾਂ ਦਾ ਇਲਾਜ ਲੱਭਦੇ-ਲੱਭਦੇ ਹੋਰ ਚਿੰਤਾ ਵਿੱਚ ਪੈਂਦੇ ਜਾਂਦੇ ਹਨ। ਸਭ ਚਿੰਤਾਵਾਂ ਦਾ ਹੱਲ ਤੇ ਸੁੱਖਾਂ ਦਾ ਦਰਵਾਜ਼ਾ ਉਸ ਪਰਮਾਤਮਾ ਦੇ ਨਾਮ ਸਿਮਰਨ ਅਤੇ ਉਸਦੇ ਗੁਣ ਧਾਰਨ ਕਰਨ ਨਾਲ ਮਿਲਦਾ ਹੈ।